ਜਨਤਕ ਚਾਰਜਰ 'ਤੇ ਇਲੈਕਟ੍ਰਿਕ ਕਾਰ ਕਿਵੇਂ ਚਾਰਜ ਕਰੀਏ?
ਜਨਤਕ ਚਾਰਜਰ 'ਤੇ ਇਲੈਕਟ੍ਰਿਕ ਕਾਰ ਚਾਰਜ ਕਰਨਾ ਪੈਟਰੋਲ ਭਰਨ ਤੋਂ ਵੱਖਰਾ ਹੈ। ਤੁਹਾਨੂੰ ਸਹੀ ਪਲੱਗ ਵਾਲਾ ਚਾਰਜਰ ਚਾਹੀਦਾ ਹੈ। ਤੁਹਾਨੂੰ ਫ਼ੋਨ ਦੀ ਐਪ ਜਾਂ ਭੁਗਤਾਨ ਲਈ ਕਾਰਡ ਦੀ ਵੀ ਲੋੜ ਪੈ ਸਕਦੀ ਹੈ। ਇੱਥੇ ਜਾਣੋ ਕਿ ਚਾਰਜਰ ਕਿਵੇਂ ਲੱਭਣਾ ਹੈ, ਚਾਰਜਿੰਗ ਕਿਵੇਂ ਸ਼ੁਰੂ ਕਰਨੀ ਹੈ, ਪੈਸੇ ਕਿਵੇਂ ਦੇਣੇ ਹਨ ਅਤੇ ਕੰਮ ਪੂਰਾ ਹੋਣ 'ਤੇ ਕੀ ਕਰਨਾ ਹੈ।
ਤੁਹਾਡੀ ਕਾਰ ਲਈ ਸਹੀ ਜਨਤਕ ਚਾਰਜਰ ਕਿਵੇਂ ਲੱਭੀਏ?
ਪਹਿਲਾਂ ਦੇਖੋ ਕਿ ਤੁਹਾਡੀ ਕਾਰ ਵਿੱਚ ਕਿਹੜਾ ਚਾਰਜਿੰਗ ਪਲੱਗ ਲੱਗਦਾ ਹੈ। ਇਹ ਜਾਣਕਾਰੀ ਕਾਰ ਦੇ ਮਾਲਕਾਂ ਲਈ ਦਿੱਤੀ ਕਿਤਾਬ ਵਿੱਚ ਮਿਲੇਗੀ। ਜੇ ਤੁਸੀਂ ਇਲੈਕਟ੍ਰਿਕ ਕਾਰ ਕਿਰਾਏ 'ਤੇ ਲਈ ਹੈ, ਤਾਂ ਕਿਰਾਏ ਵਾਲੀ ਕੰਪਨੀ ਤੋਂ ਪੁੱਛੋ ਕਿ ਕਿਹੜੇ ਪਲੱਗ ਵਰਤ ਸਕਦੇ ਹੋ।
ਜਨਤਕ ਚਾਰਜਿੰਗ ਦੀਆਂ ਦੋ ਮੁੱਖ ਕਿਸਮਾਂ ਹਨ। ਲੈਵਲ 2 ਚਾਰਜਿੰਗ ਹੌਲੀ ਹੁੰਦੀ ਹੈ। DC ਫਾਸਟ ਚਾਰਜਿੰਗ ਤੇਜ਼ ਹੁੰਦੀ ਹੈ ਅਤੇ ਅਕਸਰ ਹਾਈਵੇ ਦੇ ਨੇੜੇ ਮਿਲਦੀ ਹੈ। ਸਾਰੇ ਪਲੱਗ ਇੱਕੋ ਜਿਹੇ ਨਹੀਂ ਹੁੰਦੇ।
| ਪਲੱਗ | ਕਿਸ ਲਈ ਵਰਤਿਆ ਜਾਂਦਾ ਹੈ | ਕਾਰਾਂ |
|---|---|---|
| J1772 | ਲੈਵਲ 2 ਚਾਰਜਿੰਗ | ਬਹੁਤ ਸਾਰੀਆਂ ਇਲੈਕਟ੍ਰਿਕ ਕਾਰਾਂ। ਕੁਝ ਨੂੰ ਅਡੈਪਟਰ ਚਾਹੀਦਾ ਹੈ। |
| CCS | DC ਫਾਸਟ ਚਾਰਜਿੰਗ | ਬਹੁਤ ਸਾਰੀਆਂ ਕਾਰਾਂ ਜਿਨ੍ਹਾਂ ਵਿੱਚ CCS ਚਾਰਜਿੰਗ ਪੋਰਟ ਹੈ। |
| NACS (J3400) | ਲੈਵਲ 2 ਅਤੇ DC ਫਾਸਟ ਚਾਰਜਿੰਗ | Tesla ਅਤੇ ਹੋਰ ਕਾਰਾਂ ਜਿਨ੍ਹਾਂ ਵਿੱਚ NACS ਪੋਰਟ ਹੈ। |
| CHAdeMO | DC ਫਾਸਟ ਚਾਰਜਿੰਗ | ਕੁਝ ਪੁਰਾਣੀਆਂ ਕਾਰਾਂ, ਜਿਵੇਂ Nissan LEAF ਦੇ ਪੁਰਾਣੇ ਮਾਡਲ। |

ਕੁਝ ਕਾਰਾਂ ਵਿੱਚ ਅਡੈਪਟਰ ਲਾ ਕੇ ਹੋਰ ਕਿਸਮ ਦਾ ਪਲੱਗ ਵਰਤਿਆ ਜਾ ਸਕਦਾ ਹੈ। ਪਰ ਹਰ ਅਡੈਪਟਰ ਹਰ ਕਾਰ ਜਾਂ ਚਾਰਜਰ ਨਾਲ ਕੰਮ ਨਹੀਂ ਕਰਦਾ। ਸਿਰਫ਼ ਉਹ ਅਡੈਪਟਰ ਵਰਤੋ ਜੋ ਤੁਹਾਡੀ ਕਾਰ ਅਤੇ ਚਾਰਜਿੰਗ ਦੀ ਕਿਸਮ ਲਈ ਮਨਜ਼ੂਰ ਹੋਵੇ।
ਤੁਸੀਂ MileCheck ਦੇ EV ਚਾਰਜਰ ਪੰਨੇ ਜਾਂ ਅਮਰੀਕਾ ਦੇ ਊਰਜਾ ਵਿਭਾਗ ਦੇ ਸਟੇਸ਼ਨ ਲੱਭਣ ਵਾਲੇ ਟੂਲ ਨਾਲ ਜਨਤਕ ਚਾਰਜਰ ਲੱਭ ਸਕਦੇ ਹੋ। ਉੱਥੇ ਜਾਣ ਤੋਂ ਪਹਿਲਾਂ ਪਲੱਗ ਦੀ ਕਿਸਮ ਚੈੱਕ ਕਰੋ।
ਜਨਤਕ ਫਾਸਟ ਚਾਰਜਰ 'ਤੇ ਇਲੈਕਟ੍ਰਿਕ ਕਾਰ ਕਿਵੇਂ ਚਾਰਜ ਕਰੀਏ?
ਕਦਮ 1. ਕਾਰ ਚਾਰਜਰ ਦੇ ਕੋਲ ਪਾਰਕ ਕਰੋ। ਚਾਰਜਿੰਗ ਲਈ ਖਾਲੀ ਥਾਂ ਲੱਭੋ। ਕਾਰ ਇਸ ਤਰ੍ਹਾਂ ਖੜ੍ਹੀ ਕਰੋ ਕਿ ਕੇਬਲ ਕਾਰ ਦੇ ਚਾਰਜਿੰਗ ਪੋਰਟ ਤੱਕ ਪਹੁੰਚ ਸਕੇ। ਕਾਰ ਨੂੰ Park (P) ਵਿੱਚ ਰੱਖੋ। ਜੇ ਕਾਰ ਦੀ ਕਿਤਾਬ ਵਿੱਚ ਲਿਖਿਆ ਹੈ ਤਾਂ ਕਾਰ ਬੰਦ ਕਰੋ।

ਕਦਮ 2. ਚਾਰਜਿੰਗ ਪੋਰਟ ਖੋਲ੍ਹੋ। ਕਾਰ ਦੇ ਅੱਗੇ, ਪਾਸੇ ਜਾਂ ਪਿੱਛੇ ਇੱਕ ਛੋਟਾ ਢੱਕਣ ਲੱਭੋ। ਇਸਨੂੰ ਖੋਲ੍ਹੋ। ਕੁਝ ਕਾਰਾਂ ਵਿੱਚ ਅੰਦਰ ਬਟਨ ਹੁੰਦਾ ਹੈ। ਹੋਰ ਕਾਰਾਂ ਵਿੱਚ ਢੱਕਣ ਦਬਾ ਕੇ ਖੋਲ੍ਹਿਆ ਜਾਂਦਾ ਹੈ।

ਕਦਮ 3. ਚਾਰਜਿੰਗ ਸ਼ੁਰੂ ਕਰੋ। ਚਾਰਜਰ ਦੀ ਸਕ੍ਰੀਨ 'ਤੇ ਦਿੱਤੀਆਂ ਹਦਾਇਤਾਂ ਪੜ੍ਹੋ। ਸਟੇਸ਼ਨ ਦੇ ਹਿਸਾਬ ਨਾਲ ਤੁਸੀਂ ਇਹ ਕਰ ਸਕਦੇ ਹੋ:

- ਚਾਰਜਿੰਗ ਕੰਪਨੀ ਦੀ ਫ਼ੋਨ ਐਪ ਵਰਤੋ।
- ਕ੍ਰੈਡਿਟ ਜਾਂ ਡੈਬਿਟ ਕਾਰਡ ਨਾਲ ਪੈਸੇ ਦਿਓ।
- ਜੇ ਬਿਨਾਂ ਛੂਹੇ ਭੁਗਤਾਨ ਦੀ ਸਹੂਲਤ ਹੈ, ਤਾਂ ਕਾਰਡ ਜਾਂ ਫ਼ੋਨ ਰੀਡਰ ਦੇ ਨੇੜੇ ਲਿਆਓ।
ਕੁਝ ਕਾਰਾਂ ਵਿੱਚ ਪਲੱਗ ਲਾਉਣ ਨਾਲ ਚਾਰਜਿੰਗ ਅਤੇ ਭੁਗਤਾਨ ਆਪਣੇ ਆਪ ਸ਼ੁਰੂ ਹੋ ਜਾਂਦੇ ਹਨ। ਕੁਝ ਸਟੇਸ਼ਨਾਂ 'ਤੇ ਪੈਸੇ ਦੇਣ ਤੋਂ ਪਹਿਲਾਂ ਪਲੱਗ ਲਾਉਣਾ ਪੈਂਦਾ ਹੈ। ਸਕ੍ਰੀਨ ਦੀਆਂ ਹਦਾਇਤਾਂ ਮੰਨੋ।
ਕਦਮ 4. ਕੇਬਲ ਲਗਾਓ। ਚਾਰਜਰ ਤੋਂ ਪਲੱਗ ਚੁੱਕੋ। ਇਸਨੂੰ ਕਾਰ ਦੇ ਚਾਰਜਿੰਗ ਪੋਰਟ ਦੇ ਸਾਹਮਣੇ ਸਿੱਧਾ ਰੱਖੋ। ਪੂਰੀ ਤਰ੍ਹਾਂ ਲੱਗਣ ਤੱਕ ਮਜ਼ਬੂਤੀ ਨਾਲ ਅੰਦਰ ਧੱਕੋ। ਜੇ ਪਲੱਗ ਫਿੱਟ ਨਹੀਂ ਹੁੰਦਾ, ਤਾਂ ਜ਼ੋਰ ਨਾ ਲਗਾਓ।

ਕਦਮ 5. ਚੈੱਕ ਕਰੋ ਕਿ ਚਾਰਜਿੰਗ ਸ਼ੁਰੂ ਹੋ ਗਈ ਹੈ। ਚਾਰਜਰ ਜਾਂ ਕਾਰ ਦੀ ਸਕ੍ਰੀਨ ਦੇਖੋ। ਇਸ 'ਤੇ ਦਿਖਣਾ ਚਾਹੀਦਾ ਹੈ ਕਿ ਬੈਟਰੀ ਚਾਰਜ ਹੋ ਰਹੀ ਹੈ। ਤੁਹਾਨੂੰ ਬੈਟਰੀ ਦੀ ਤਸਵੀਰ, ਪ੍ਰਤੀਸ਼ਤ ਜਾਂ ਕਾਰ ਨੂੰ ਮਿਲ ਰਹੀ ਬਿਜਲੀ ਦੀ ਮਾਤਰਾ ਦਿਖ ਸਕਦੀ ਹੈ। ਜੇ ਚਾਰਜਿੰਗ ਸ਼ੁਰੂ ਨਹੀਂ ਹੁੰਦੀ, ਤਾਂ ਸਕ੍ਰੀਨ ਦੀਆਂ ਹਦਾਇਤਾਂ ਮੰਨੋ।
ਕਦਮ 6. ਚਾਰਜਿੰਗ ਬੰਦ ਕਰੋ। ਜਦੋਂ ਬੈਟਰੀ ਕਾਰ ਵਿੱਚ ਤੈਅ ਕੀਤੀ ਹੱਦ ਤੱਕ ਪਹੁੰਚ ਜਾਂਦੀ ਹੈ, ਤਾਂ ਚਾਰਜਿੰਗ ਆਪਣੇ ਆਪ ਬੰਦ ਹੋ ਸਕਦੀ ਹੈ। ਤੁਸੀਂ ਚਾਰਜਰ, ਐਪ ਜਾਂ ਕਾਰ ਦੇ ਕੰਟਰੋਲ ਨਾਲ ਪਹਿਲਾਂ ਵੀ ਚਾਰਜਿੰਗ ਬੰਦ ਕਰ ਸਕਦੇ ਹੋ। ਕੇਬਲ ਕੱਢਣ ਤੋਂ ਪਹਿਲਾਂ ਕਾਰ ਦੀਆਂ ਹਦਾਇਤਾਂ ਮੰਨੋ।
ਕਦਮ 7. ਪਲੱਗ ਕੱਢੋ ਅਤੇ ਕਾਰ ਹਟਾਓ। ਜੇ ਪਲੱਗ ਲੌਕ ਹੈ, ਤਾਂ ਪਹਿਲਾਂ ਇਸਨੂੰ ਅਨਲੌਕ ਕਰੋ। ਪਲੱਗ ਸਿੱਧਾ ਬਾਹਰ ਖਿੱਚੋ। ਕੇਬਲ ਵਾਪਸ ਚਾਰਜਰ 'ਤੇ ਰੱਖੋ। ਕਾਰ ਦੇ ਚਾਰਜਿੰਗ ਪੋਰਟ ਦਾ ਢੱਕਣ ਬੰਦ ਕਰੋ। ਕਾਰ ਚਾਰਜਿੰਗ ਵਾਲੀ ਥਾਂ ਤੋਂ ਹਟਾਓ ਤਾਂ ਜੋ ਕੋਈ ਹੋਰ ਆਪਣੀ ਕਾਰ ਚਾਰਜ ਕਰ ਸਕੇ।

ਇਲੈਕਟ੍ਰਿਕ ਕਾਰ ਚਾਰਜ ਹੋਣ ਵਿੱਚ ਕਿੰਨਾ ਸਮਾਂ ਲੱਗਦਾ ਹੈ?
ਚਾਰਜਿੰਗ ਦਾ ਸਮਾਂ ਕਾਰ, ਬੈਟਰੀ, ਚਾਰਜਰ ਅਤੇ ਬੈਟਰੀ ਦੇ ਤਾਪਮਾਨ 'ਤੇ ਨਿਰਭਰ ਕਰਦਾ ਹੈ। ਅਮਰੀਕਾ ਦਾ ਊਰਜਾ ਵਿਭਾਗ ਇਹ ਲਗਭਗ ਰਫ਼ਤਾਰਾਂ ਦੱਸਦਾ ਹੈ:
- ਲੈਵਲ 2 ਚਾਰਜਿੰਗ ਇੱਕ ਘੰਟੇ ਵਿੱਚ ਲਗਭਗ 25 ਮੀਲ ਚੱਲਣ ਜਿੰਨੀ ਬਿਜਲੀ ਦਿੰਦੀ ਹੈ।
- DC ਫਾਸਟ ਚਾਰਜਿੰਗ 30 ਮਿੰਟਾਂ ਵਿੱਚ ਲਗਭਗ 100 ਤੋਂ 200 ਜਾਂ ਇਸ ਤੋਂ ਵੱਧ ਮੀਲ ਚੱਲਣ ਜਿੰਨੀ ਬਿਜਲੀ ਦਿੰਦੀ ਹੈ।
ਇਹ ਸਿਰਫ਼ ਅੰਦਾਜ਼ੇ ਹਨ। ਇਹ ਰਫ਼ਤਾਰਾਂ ਪੱਕੀਆਂ ਨਹੀਂ ਹਨ। ਤੁਹਾਡੀ ਕਾਰ ਹੋਰ ਹੌਲੀ ਚਾਰਜ ਹੋ ਸਕਦੀ ਹੈ।
ਜਦੋਂ ਬੈਟਰੀ ਲਗਭਗ 80% ਤੱਕ ਪਹੁੰਚਦੀ ਹੈ, ਤਾਂ ਫਾਸਟ ਚਾਰਜਿੰਗ ਆਮ ਤੌਰ 'ਤੇ ਹੌਲੀ ਹੋ ਜਾਂਦੀ ਹੈ। 80% ਤੋਂ 100% ਤੱਕ ਚਾਰਜ ਕਰਨ ਵਿੱਚ ਕਾਫ਼ੀ ਵੱਧ ਸਮਾਂ ਲੱਗ ਸਕਦਾ ਹੈ। ਜੇ ਅਗਲੇ ਸਫ਼ਰ ਲਈ ਬੈਟਰੀ ਕਾਫ਼ੀ ਹੈ, ਤਾਂ ਸਮਾਂ ਬਚਾਉਣ ਲਈ ਤੁਸੀਂ ਲਗਭਗ 80% 'ਤੇ ਚਾਰਜਿੰਗ ਰੋਕ ਸਕਦੇ ਹੋ।
ਜਨਤਕ ਚਾਰਜਰ 'ਤੇ ਇਲੈਕਟ੍ਰਿਕ ਕਾਰ ਚਾਰਜ ਕਰਨ ਦਾ ਕਿੰਨਾ ਖਰਚਾ ਹੈ?
ਹਰ ਸਟੇਸ਼ਨ ਦੀ ਕੀਮਤ ਵੱਖਰੀ ਹੋ ਸਕਦੀ ਹੈ। ਕੁਝ ਸਟੇਸ਼ਨ ਬਿਜਲੀ ਦੇ ਹਰ ਕਿਲੋਵਾਟ-ਘੰਟੇ (kWh) ਲਈ ਪੈਸੇ ਲੈਂਦੇ ਹਨ। ਹੋਰ ਸਟੇਸ਼ਨ ਹਰ ਮਿੰਟ, ਹਰ ਚਾਰਜਿੰਗ ਸੈਸ਼ਨ ਜਾਂ ਸਬਸਕ੍ਰਿਪਸ਼ਨ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ।
ਸ਼ੁਰੂ ਕਰਨ ਤੋਂ ਪਹਿਲਾਂ ਚਾਰਜਰ ਦੀ ਸਕ੍ਰੀਨ ਜਾਂ ਕੰਪਨੀ ਦੀ ਐਪ ਵਿੱਚ ਕੀਮਤ ਦੇਖੋ। ਕੁਝ ਥਾਵਾਂ 'ਤੇ ਪਾਰਕਿੰਗ ਦੇ ਪੈਸੇ ਵੀ ਲੱਗਦੇ ਹਨ।
ਕੁਝ ਸਟੇਸ਼ਨ ਚਾਰਜਿੰਗ ਖਤਮ ਹੋਣ ਤੋਂ ਬਾਅਦ ਵੀ ਕਾਰ ਜੁੜੀ ਰਹਿਣ 'ਤੇ ਵਾਧੂ ਫੀਸ ਲੈਂਦੇ ਹਨ। ਭੀੜ ਵਾਲੇ ਸਟੇਸ਼ਨ ਬੈਟਰੀ ਦੇ ਇੱਕ ਖਾਸ ਪੱਧਰ 'ਤੇ ਪਹੁੰਚਣ ਤੋਂ ਬਾਅਦ ਵੀ ਵਾਧੂ ਫੀਸ ਲੈ ਸਕਦੇ ਹਨ। ਸਟੇਸ਼ਨ ਦੇ ਨਿਯਮ ਦੇਖੋ ਅਤੇ ਚਾਰਜਿੰਗ ਪੂਰੀ ਹੋਣ 'ਤੇ ਕਾਰ ਹਟਾ ਲਵੋ।
ਕੀਮਤਾਂ ਬਾਰੇ ਹੋਰ ਜਾਣਨ ਲਈ ਇਲੈਕਟ੍ਰਿਕ ਕਾਰ ਚਾਰਜ ਕਰਨ ਦਾ ਖਰਚਾ ਦੇਖੋ।
ਜਨਤਕ EV ਚਾਰਜਰ ਵਰਤਦੇ ਸਮੇਂ ਕਿਹੜੇ ਨਿਯਮ ਮੰਨਣੇ ਚਾਹੀਦੇ ਹਨ?
- ਚਾਰਜਿੰਗ ਵਾਲੀ ਥਾਂ ਸਿਰਫ਼ ਉਦੋਂ ਵਰਤੋ ਜਦੋਂ ਕਾਰ ਚਾਰਜ ਹੋ ਰਹੀ ਹੋਵੇ।
- ਕਿਸੇ ਹੋਰ ਦੀ ਕਾਰ ਦਾ ਪਲੱਗ ਨਾ ਕੱਢੋ।
- ਚਾਰਜਿੰਗ ਪੂਰੀ ਹੋਣ 'ਤੇ ਕੇਬਲ ਵਾਪਸ ਰੱਖੋ।
- ਕਿਸੇ ਹੋਰ ਚਾਰਜਿੰਗ ਵਾਲੀ ਥਾਂ ਨੂੰ ਨਾ ਰੋਕੋ।
- ਚਾਰਜਿੰਗ ਪੂਰੀ ਹੋਣ 'ਤੇ ਕਾਰ ਹਟਾਓ।
- ਲਿਖੀਆਂ ਹੋਈਆਂ ਸਮੇਂ ਦੀਆਂ ਹੱਦਾਂ ਅਤੇ ਪਾਰਕਿੰਗ ਦੇ ਨਿਯਮ ਮੰਨੋ।
ਜੇ ਕੋਈ ਸਮੱਸਿਆ ਆਵੇ, ਤਾਂ ਚਾਰਜਿੰਗ ਸਟੇਸ਼ਨ 'ਤੇ ਮਦਦ ਲਈ ਫ਼ੋਨ ਨੰਬਰ ਲੱਭੋ। ਪਲੱਗ ਲਗਾਉਣ ਅਤੇ ਖੋਲ੍ਹਣ ਦੀਆਂ ਹਦਾਇਤਾਂ ਲਈ ਤੁਸੀਂ ਕਾਰ ਦੀ ਕਿਤਾਬ ਵੀ ਦੇਖ ਸਕਦੇ ਹੋ।
ਸਰੋਤ
- U.S. Department of Energy, Electric Vehicle Charging Stations. Plug types and charging speeds.
- U.S. Department of Energy, Charging Infrastructure Operation and Maintenance. Payment methods and pricing.
- U.S. Department of Energy, Electric Vehicle Charging Networks. Apps and charging sessions.
- SAE International, J3400 North American Charging System standard.
- Kia Owners, Kia Charge Pass. Charging fees and charging above 80%.
- Tesla Model 3 Owner's Manual, Charging Instructions. Connecting, stopping and unplugging.
- Nissan, 2024 LEAF Owner's Manual. CHAdeMO charging.